Tuesday, November 10, 2015

ਇਟਲੀ 'ਚ ਜੰਮੇ ਵਿਦੇਸ਼ੀ ਬੱਚੇ ਨਾਗਰਿਕਤਾ ਲਈ ਦਰਖ਼ਾਸਤ ਮੌਕੇ 200 ਯੂਰੋ ਦਾ ਭੁਗਤਾਨ ਨਹੀਂ ਕਰਨਗੇ

ਰੋਮ/ਇਟਲੀ (ਕੈਂਥ) - ਬੇਸ਼ੱਕ ਇਟਲੀ ਆਰਥਿਕ ਮੰਦਵਾੜੇ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਡੀ ਹੰਢਾਅ ਰਹੀ ਹੈ ਪਰ ਇਸ ਦੇ ਬਾਵਜੂਦ ਇਟਾਲੀਅਨ ਸਰਕਾਰ, ਇਟਲੀ 'ਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਬੱਚਿਆਂ ਨੂੰ ਇਟਾਲੀਅਨ ਨਾਗਰਿਕਤਾ ਦਿਵਾਉਣ ਲਈ ਕਈ ਪ੍ਰਕਾਰ ਦੇ ਸੁਧਾਰ ਕਰਨ ਦੀ ਕੋਸ਼ਿਸ਼ 'ਚ ਹੈ। ਇਟਾਲੀਅਨ ਸਰਕਾਰ ਦੀ ਇਹ ਕਾਰਵਾਈ ਵਿਦੇਸ਼ੀ ਭਾਈਚਾਰੇ ਵਲੋਂ ਇੱਕ ਸ਼ਲਾਘਾਯੋਗ ਕਾਰਵਾਈ ਮੰਨੀ ਜਾ ਰਹੀ ਹੈ।ਨਾਗਰਿਕਤਾ ਪ੍ਰਾਪਤ ਕਰਨ ਲਈ ਹੋਣ ਵਾਲੇ ਖਰਚ ਦੇ ਬੋਝ ਨੂੰ ਘਟਾਉਣ ਲਈ ਸਰਕਾਰ ਇਕ ਨਵੇਂ ਸੁਧਾਰ ਨੂੰ ਲਾਗੂ ਕਰਨ ਜਾ ਰਹੀ ਹੈ।
ਵਿਦੇਸ਼ੀ  ਮਾਪਿਆਂ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਇਟਾਲੀਅਨ ਨਾਗਰਿਕਤਾ ਸਬੰਧੀ ਸੋਧ ਲਈ ਸਦਨ ਵਿਚ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਦਨ ਵਲੋਂ ਮਾਨਤਾ ਦਿੱਤੀ ਜਾ ਚੁੱਕੀ ਹੈ, ਜਿਸ ਅਨੁਸਾਰ :
1) ਜਿਹੜੇ ਵਿਦੇਸ਼ੀ ਨਾਗਰਿਕ ਕਾਨੂੰਨੀ ਤੌਰ 'ਤੇ ਇਟਲੀ 'ਚ ਰਹਿ ਰਹੇ ਹੋਣ, ਉਨ੍ਹਾਂ ਦਾ ਪੈਦਾ ਹੋਣ ਵਾਲਾ ਬੱਚਾ ਜਨਮ ਤੋਂ ਹੀ ਇਟਾਲੀਅਨ ਨਾਗਰਿਕ ਹੋਵੇਗਾ।
2) ਜਿਹੜੇ ਵਿਦੇਸ਼ੀਆਂ ਕੋਲ ਇਟਲੀ ਦੇ ਦਸਤਾਵੇਜ਼ ਨਹੀਂ ਹਨ, ਉਨ੍ਹਾਂ ਦਾ ਇਟਲੀ ਪੈਦਾ ਹੋਣ ਵਾਲਾ ਬੱਚਾ ਜਾਂ 12 ਸਾਲ ਦੀ ਉਮਰ ਤੱਕ ਜਿਹੜਾ ਬੱਚਾ ਇਟਲੀ ਵਿਚ ਦਾਖਲ ਹੋ ਚੁੱਕਾ ਹੋਵੇ ਅਤੇ ਲਗਾਤਾਰ 5 ਸਾਲ ਸਕੂਲ ਜਾ ਕੇ ਸਿੱਖਿਆ ਪ੍ਰਾਪਤ ਕਰਨ ਉਪਰੰਤ ਇਟਾਲੀਅਨ ਨਾਗਰਿਕ ਬਣਨ ਦਾ ਅਧਿਕਾਰ ਰੱਖਦਾ ਹੈ।
3) 18 ਸਾਲ ਦੀ ਉਮਰ ਤੋਂ ਇਟਲੀ ਅੰਦਰ ਦਾਖਲ ਹੋਏ (ਕੁਝ ਖਾਸ ਹਾਲਾਤਾਂ ਵਿਚ) 6 ਸਾਲ ਲਗਾਤਾਰ ਇਟਲੀ 'ਚ ਰਹਿ ਕੇ ਸਿੱਖਿਆ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਨਾਗਰਿਕਤਾ ਪ੍ਰਾਪਤ ਕਰਨ ਦਾ ਅਧਿਕਾਰ ਰੱਖਦਾ ਹੈ।ਜਿਹੜੇ ਵਿਦੇਸ਼ੀ ਬੱਚੇ ਬਾਲਗ ਹੋਣ ਤੋਂ ਪਹਿਲਾਂ ਇਟਲੀ 'ਚ ਦਾਖਲ ਹੋਏ ਹਨ, ਉਹ ਵੀ ਇਕ ਖਾਸ ਸ਼ਰਤ ਅਧੀਨ ਨਾਗਰਕਿਤਾ ਦੀ ਦਰਖ਼ਾਸਤ ਦੇ ਸਕਦੇ ਹਨ, ਜਿਸ ਅਨੁਸਾਰ ਉਹ ਇਟਲੀ 'ਚ 6 ਸਾਲ ਦਾ ਅਵਾਸ ਸਮਾਂ ਪੂਰਾ ਕਰ ਲੈਣ ਅਤੇ ਇਟਲੀ 'ਚ ਗ੍ਰੈਜੁਏਸ਼ਨ ਜਾਂ ਇਸਦੇ ਬਰਾਬਰ ਦੀ ਕੋਈ ਤਕਨੀਕੀ ਸਿੱਖਿਆ ਲਗਾਤਾਰ ਪੂਰੀ ਕਰ ਲੈਣ।
ਜਿਹੜੇ ਵਿਦੇਸ਼ੀ ਬੱਚੇ ਨਾਗਰਿਕਤਾ ਲਈ ਦਰਖ਼ਾਸਤ ਦੇਣਾ ਚਾਹੁੰਦੇ ਹਨ, 200 ਯੂਰੋ ਦਾ ਭੁਗਤਾਨ ਕਰਨ ਦੀ ਜਰੂਰਤ ਨਹੀਂ ਹੈ। ਸਥਿਤੀ 1) ਅਤੇ 2) ਵਿਚ ਜਿਹੜੇ ਮਾਤਾ-ਪਿਤਾ ਬੱਚਿਆਂ ਲਈ ਨਾਗਰਿਕਤਾ ਦੀ ਦਰਖ਼ਾਸਤ ਦੇਣਾ ਚਾਹੁੰਦੇ ਹਨ, ਉਪਰੋਕਤ ਨਿਯਮ ਉਨ੍ਹਾਂ 'ਤੇ ਲਾਗੂ ਹੁੰਦਾ ਹੈ। ਸਥਿਤੀ 3) ਅਧੀਨ ਜਿਹੜੇ ਵਿਦਿਆਰਥੀ 18 ਸਾਲ ਦੀ ਉਮਰ ਤੋਂ ਬਾਅਦ ਨਾਗਰਿਕਤਾ ਲਈ ਮੰਗ ਕਰਦੇ ਹਨ, ਉਹ ਇਸ ਸ਼੍ਰੇਣੀ ਅਧੀਨ ਨਹੀਂ ਆਉਂਦੇ, ਜਿਹੜੇ ਮਾਤਾ-ਪਿਤਾ ਬੱਚਿਆਂ ਲਈ ਨਾਗਰਿਕਤਾ ਦੀ ਮੰਗ ਨਹੀਂ ਕਰਦੇ, ਬਾਲਗ ਹੋਣ 'ਤੇ ਵਿਦਿਆਰਥੀ ਨਾਗਰਿਕਤਾ ਦੀ ਮੰਗ ਕਰ ਸਕਦਾ ਹੈ, ਅਜਿਹੀ ਸ਼੍ਰੇਣੀ ਅਧੀਨ ਨਾਗਰਿਕਤਾ ਦੀ ਮੰਗ ਕਰਨ 'ਤੇ ਉਹ 200 ਯੂਰੋ ਦਾ ਭੁਗਤਾਨ ਕਰਨ ਤੋਂ ਨਹੀਂ ਬਚ ਸਕਦੇ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਪੰਜਾਬੀ ਮੈਟਰੀਮੌਨੀ - ਮੁਫ਼ਤ ਰਜਿਸਟਰ ਕਰੌੰ

No comments:

Post a Comment