ਇਸਰੋ (ਭਾਰਤੀ ਪੁਲਾੜ ਖੋਜ ਸੰਗਠਨ) ਦੀ ਉਪ-ਗ੍ਰਹਿ ਪ੍ਰਖੇਪਣ ਗੱਡੀ ਪੀ. ਐੱਸ. ਐੱਲ. ਵੀ. (ਸੀ-23) 30 ਜੂਨ ਨੂੰ ਸਵੇਰੇ 9.52 ਵਜੇ ਸ਼੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਪੰਜ ਵਿਦੇਸ਼ੀ ਉਪ-ਗ੍ਰਹਿਆਂ ਨਾਲ ਸਫਲਤਾਪੂਰਵਕ ਦਾਗਣ ਦੇ ਨਾਲ ਹੀ ਭਾਰਤ ਨੇ ਪੁਲਾੜ ਖੋਜ ਦੇ ਖੇਤਰ 'ਚ ਇਕ ਹੋਰ ਰਿਕਾਰਡ ਕਾਇਮ ਕਰ ਦਿੱਤਾ ਹੈ।
ਪੀ. ਐੱਸ. ਐੱਲ. ਵੀ. ਛੋਟੇ ਆਕਾਰ ਦੇ ਉਪ-ਗ੍ਰਹਿਆਂ ਨੂੰ ਪੰਧ 'ਚ ਭੇਜਣ ਦੇ ਸਮਰੱਥ ਹੈ। ਭਾਰਤ ਨੇ ਹੁਣ ਤਕ ਇਸ ਦੀ ਸਹਾਇਤਾ ਨਾਲ 19 ਦੇਸ਼ਾਂ ਦੇ 35 ਕੌਮਾਂਤਰੀ ਉਪ-ਗ੍ਰਹਿ ਤੇ 29 ਭਾਰਤੀ ਉਪ-ਗ੍ਰਹਿ ਵੱਖ-ਵੱਖ ਪੰਧਾਂ 'ਚ ਦਾਗ ਕੇ ਇਨ੍ਹਾਂ ਦੀ ਭਰੋਸੇਯੋਗਤਾ ਤੇ ਵੱਖ-ਵੱਖ ਕੰਮ ਕਰਨ ਦੀ ਸਮਰੱਥਾ ਸਿੱਧ ਕਰ ਦਿੱਤੀ ਹੈ।
ਪ੍ਰਖੇਪਣ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਸ਼ਾਮ ਨੂੰ ਹੀ ਸ਼੍ਰੀਹਰੀਕੋਟਾ ਪਹੁੰਚ ਗਏ ਸਨ ਤੇ ਉਥੇ ਪਹੁੰਚਣ 'ਤੇ ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਕਿ ''ਸੋਮਵਾਰ ਸਵੇਰੇ ਮੈਂ ਸ਼੍ਰੀਹਰੀਕੋਟਾ 'ਚ ਪੀ. ਐੱਸ. ਐੱਲ. ਵੀ.-ਸੀ 23 ਦੀ ਲਾਂਚਿੰਗ ਦਾ ਗਵਾਹ ਬਣਾਂਗਾ। ਸਾਡੀ ਸਰਕਾਰ ਪੁਲਾੜ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।''
ਇਸ ਮੌਕੇ 'ਤੇ ਅੰਗਰੇਜ਼ੀ ਅਤੇ ਹਿੰਦੀ 'ਚ ਭਾਸ਼ਣ ਦਿੰਦਿਆਂ ਮੋਦੀ ਨੇ ਸਭ ਤੋਂ ਪਹਿਲਾਂ ਭਾਰਤੀ ਵਿਗਿਆਨੀਆਂ ਨੂੰ ਉਨ੍ਹਾਂ ਦੀ 'ਘੱਟ ਖਰਚ' ਵਾਲੀ ਤਕਨੀਕ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ''ਹਾਲੀਵੁੱਡ ਦੀ ਫਿਲਮ 'ਗ੍ਰੈਵਿਟੀ' ਦੇ ਨਿਰਮਾਣ 'ਤੇ ਜਿੰਨਾ ਖਰਚ ਆਇਆ ਸੀ, ਸਾਡੀ ਮੰਗਲ ਮੁਹਿੰਮ 'ਤੇ ਉਸ ਨਾਲੋਂ ਵੀ ਘੱਟ ਖਰਚ ਆਇਆ ਹੈ।''
ਨਰਿੰਦਰ ਮੋਦੀ ਨੇ ਕਿਹਾ,''ਸਾਡੇ ਪੁਰਖਿਆਂ ਨੇ ਜ਼ੀਰੋ ਦਿੱਤੀ ਤੇ ਵਿਗਿਆਨ ਨੇ ਇੰਨੀ ਤਰੱਕੀ ਕੀਤੀ। ਭਾਰਤ ਉਪਨਿਸ਼ਦਾਂ ਤੋਂ ਉਪ-ਗ੍ਰਹਿਆਂ ਤਕ ਆਇਆ ਹੈ। ਅਸੀਂ ਸਾਰੇ ਵਿਕਸਿਤ ਦੇਸ਼ਾਂ ਦੇ ਸੈਟੇਲਾਈਟ ਲਾਂਚ ਕੀਤੇ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਪੁਲਾੜ ਦੇ ਖੇਤਰ 'ਚ ਭਾਰਤ ਦੀ ਦੁਨੀਆ ਭਰ ਵਿਚ ਪਛਾਣ ਬਣੀ ਹੈ ਤੇ ਇਹ ਸਵੈ-ਨਿਰਭਰ ਹੋਇਆ ਹੈ।''
ਪੁਲਾੜ ਖੋਜ ਅਤੇ ਉਪ-ਗ੍ਰਹਿ ਪ੍ਰਖੇਪਣ 'ਚ ਸਫਲਤਾ ਲਈ ਜਿਥੇ ਭਾਰਤੀ ਵਿਗਿਆਨੀ ਵਧਾਈ ਦੇ ਹੱਕਦਾਰ ਹਨ, ਉਥੇ ਹੀ ਇਹ ਇਸ ਗੱਲ ਦਾ ਵੀ ਸਬੂਤ ਹੈ ਕਿ ਜੇ ਉਨ੍ਹਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਿੱਤਾ ਜਾਵੇ ਤੇ ਜ਼ਰੂਰੀ ਸਹੂਲਤਾਂ ਦਿੱਤੀਆਂ ਜਾਣ ਤਾਂ ਉਹ ਇਸ ਖੇਤਰ 'ਚ ਵਿਕਸਿਤ ਦੇਸ਼ਾਂ ਦੀ ਬਰਾਬਰੀ ਕਰ ਸਕਦੇ ਹਨ।
No comments:
Post a Comment