Wednesday, August 20, 2014

ਹੁਣ ਸਾਈਨ ਕਰਨਾ ਭੁੱਲਿਆ ਜੈੱਟ ਦਾ ਪਾਇਲਟ, 3 ਘੰਟੇ ਫਸੇ ਰਹੇ ਯਾਤਰੀ

ਹੁਣ ਸਾਈਨ ਕਰਨਾ ਭੁੱਲਿਆ ਜੈੱਟ ਦਾ ਪਾਇਲਟ, 3 ਘੰਟੇ ਫਸੇ ਰਹੇ ਯਾਤਰੀਬਠਿੰਡਾ: ਜੈੱਟ ਏਅਰਵੇਜ਼ ਦੇ ਪਾਇਲਟ ਇਕ ਤੋਂ ਬਾਅਦ ਇਕ ਅਜਿਹੀਆਂ ਗਲਤੀਆਂ ਕਰ ਰਹੇ ਹਨ ਜਿਹੜੀਆਂ ਯਾਤਰੀਆਂ ਲਈ ਮੁਸੀਬਤ ਦਾ ਸਬੱਬ ਬਣ ਰਹੀਆਂ ਹਨ। ਜੈੱਟ ਦੇ ਪਾਇਲਟ ਦੀ ਲਾਪਰਵਾਹੀ ਦੀ ਤਾਜ਼ਾ ਮਿਸਾਲ ਦੁੱਬਈ 'ਚ ਦੇਖਣ ਨੂੰ ਮਿਲੀ। ਦੁੱਬਈ ਤੋਂ ਦਿੱਲੀ ਆਉਣ ਵਾਲੀ ਫਲਾਈਟ ਦਾ ਪਾਇਲਟ ਏਅਰਪੋਰਟ 'ਤੇ ਜ਼ਰੂਰੀ ਰਸਮਾਂ ਪੂਰੀਆਂ ਕਰਨ ਅਤੇ ਸਾਈਨ ਕਰਨਾ ਭੁੱਲ ਗਿਆ ਜਿਸ ਕਰਕੇ ਜੈੱਟ ਦੀ ਫਲਾਈਟ ਆਪਣੇ ਮਿੱਥੇ ਸਮੇਂ ਤੋਂ ਤਿੰਨ ਘੰਟੇ ਦੀ ਦੇਰੀ ਨਾਲ ਚੱਲੀ। ਪਾਇਲਟ ਦੀ ਲਾਪਰਵਾਹੀ ਕਰਕੇ ਯਾਤਰੀ ਏਅਰਪੋਰਟ 'ਤੇ ਹੀ ਅਟਕੇ ਰਹੇ। ਜੈੱਟ ਏਅਰਵੇਜ਼ ਦੀ ਫਲਾਈਟ ਨੇ ਮੰਗਲਵਾਰ ਰਾਤ 10: 55 ਮਿੰਟ 'ਤੇ ਦੁਬਈ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ, ਇਸ ਫਲਾਈਟ 'ਚ ਸਵਾਰ ਪ੍ਰੀਤਮ ਸਿੰਘ ਅਤੇ ਨਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪਾਇਲਟ ਦੀ ਲਾਪਰਵਾਹੀ ਕਰਕੇ ਹੀ ਫਲਾਈਟ ਦੁਬਈ ਤੋਂ ਹੀ ਸਵਾ ਦੋ ਵਜੇ ਟੇਕ ਆਫ ਹੋਈ ਜਿਸ ਦੇ ਚੱਲਦੇ ਉਨ੍ਹਾਂ ਨੂੰ ਦਿੱਲੀ ਪਹੁੰਚਣ 'ਚ ਤਿੰਨ ਘੰਟੇ ਦੀ ਦੇਰੀ ਹੋ ਗਈ।
ਇਸ ਦੌਰਾਨ ਫਲਾਈਟ 'ਚ ਸਵਾਰ ਹੋਰ ਯਾਤਰੀ ਵੀ ਜੈੱਟ ਪ੍ਰਬੰਧਨ ਅਤੇ ਪਾਇਲਟ ਨੂੰ ਕੋਸਦੇ ਰਹੇ। ਪ੍ਰੀਤਮ ਸਿੰਘ ਅਤੇ ਨਰਿੰਦਰ ਸਿੰਘ ਦਾ ਦੋਸ਼ ਹੈ ਕਿ ਇਸ ਦੇਰੀ ਦੌਰਾਨ ਯਾਤਰੀਆਂ ਨੂੰ ਫਲਾਈਟ ਚੱਲਣ ਦੇ ਸਮੇਂ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ ਅਤੇ ਨਾ ਹੀ ਜਹਾਜ਼ 'ਚ ਕੋਈ ਰਿਫਰੈਸ਼ਮੈਂਟ ਦਿੱਤਾ ਗਿਆ। ਲਿਹਾਜ਼ਾ ਯਾਤਰੀ ਤਿੰਨ ਘੰਟੇ ਜਹਾਜ਼ 'ਚ ਹੀ ਫਸੇ ਰਹੇ। 
ਇਸ ਪੂਰੇ ਮਾਮਲੇ 'ਚ 'ਜਗ ਬਾਣੀ' ਨੇ ਜੈੱਟ ਏਅਰਵੇਜ਼ ਦਾ ਪੱਖ ਜਾਨਣ ਲਈ ਜੈੱਟ ਦੇ ਕਾਪੇਰਿਟ ਕਮਿਊਨਿਕੇਸ਼ਨ 'ਚ ਰਾਗਿਨੀ ਚੋਪੜਾ ਨਾਲ ਮੇਲ ਰਾਹੀਂ ਸੰਪਰਕ ਕੀਤਾ ਪਰ ਜੈੱਟ ਵਲੋਂ ਖਬਰ ਲਿਖੇ ਜਾਣ ਤਕ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਆਈ। ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਜੈੱਟ ਦੇ ਪਾਇਲਟ ਕਰਕੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ ਇਸ ਤੋਂ ਪਹਿਲਾਂ ਵੀ ਪਿਛਲੇ ਹਫਤੇ ਮੁੰਬਈ 'ਚ ਬਰਸੂਲ ਜਾ ਰਹੀ ਜੈੱਟ ਦੀ ਫਲਾਈਟ ਦਾ ਪਾਇਲਟ ਸੌਂ ਗਿਆ ਸੀ ਜਿਸ ਕਾਰਨ ਜਹਾਜ਼ ਹਵਾ 'ਚ ਪੰਜ ਹਜ਼ਾਰ ਫੁੱਟ ਦਾ ਗੋਤਾ ਖਾ ਗਿਆ। ਏਅਰ ਟ੍ਰੈਫਿਕ ਕੰਟਰੋਲਰ ਦੀ ਚਿਤਾਵਨੀ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਸੰਭਾਲਿਆ ਸੀ ਅਤੇ ਯਾਤਰੀਆਂ ਦੀ ਜਾਨ 'ਚ ਜਾਨ ਆਈ ਸੀ।

No comments:

Post a Comment