ਕੈਲਗਰੀ—ਕੈਨੇਡਾ ਦੇ ਸ਼ਹਿਰ ਕੈਲਗਰੀ ਦੀ ਇਕ ਨਵੀਂ ਪਾਰਕ ਦਾ ਨਾਂ ਐਲਬਰਟਾ ਦੇ ਪਹਿਲੇ ਸਿੱਖ ਵਿਅਕਤੀ ਹਰਨਾਮ ਸਿੰਘ ਹਰੀ ਦੇ ਨਾਂ 'ਤੇ ਰੱਖਿਆ ਗਿਆ ਹੈ।
ਹਰਨਾਮ ਸਿੰਘ ਹਰੀ ਕੈਲਗਰੀ ਵਿਚ ਆਇਆ ਪਹਿਲਾ ਸਿੱਖ ਵਿਅਕਤੀ ਸੀ ਅਤੇ ਸ਼ਾਇਦ ਐਲਬਰਟਾ ਦਾ ਵੀ ਪਹਿਲਾ ਸਿੱਖ ਵਿਅਕਤੀ ਸੀ। ਕੈਨੇਡਾ ਵਿਚ ਉਸ ਦਾ ਪਹਿਰਾਵਾ ਅਤੇ ਬੋਲਚਾਲ ਦਾ ਤਰੀਕਾ ਬਾਕੀਆਂ ਨਾਲੋਂ ਵੱਖ ਹੋਣ ਕਰਕੇ ਉਸ ਨੂੰ ਪਹਿਲਾਂ-ਪਹਿਲ ਕਾਫੀ ਸੰਘਰਸ਼ ਕਰਨਾ ਪਿਆ ਪਰ ਬਾਅਦ ਵਿਚ ਉਸ ਦੇ ਪੰਜਾਬੀਆਂ ਵਾਲੇ ਜਿਗਰੇ ਨੇ ਸਾਰਿਆਂ ਦਾ ਮਨ ਮੋਹ ਲਿਆ। ਸੀਮੈਂਟ ਪਲਾਂਟ ਵਿਚ ਕੰਮ ਕਰਦੇ ਹੋਏ ਹਰੀ ਸਿੰਘ ਆਪਣੇ ਸਾਥੀਆਂ ਦੇ ਮੁਕਾਬਲੇ ਦੋ-ਦੋ ਬੋਰੀਆਂ ਬੜੀ ਆਸਾਨੀ ਨਾਲ ਚੁੱਕ ਲੈਂਦਾ ਸੀ। ਉਸ ਦੀ ਤਾਕਤ ਦੇਖ ਕੇ ਉਸ ਦੇ ਮਾਲਕ ਵੀ ਹੱਕੇ-ਬੱਕੇ ਰਹਿ ਜਾਂਦੇ ਸਨ।
1909 ਵਿਚ ਹਰੀ ਸਿੰਘ ਨੇ ਐਲਬਰਟਾ ਵਿਚ ਆਪਣਾ ਘਰ ਲਿਆ ਤਾਂ ਐਲਬਰਟਾ ਨੂੰ ਆਪਣਾ ਪਹਿਲਾਂ ਸਿੱਖ ਨਾਗਰਿਕ ਮਿਲ ਗਿਆ।
ਹੁਣ ਇੰਨੇਂ ਸਾਲਾਂ ਬਾਅਦ ਹਰੀ ਸਿੰਘ ਵੱਲੋਂ ਅਮੀਰਾਂ ਨਾਲ ਕੀਤੇ ਗਏ ਸੰਘਰਸ਼ ਅਤੇ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਵਾਲੇ ਹੌਂਸਲੇ ਨੂੰ ਪਛਾਣ ਮਿਲ ਰਹੀ ਹੈ ਅਤੇ ਉਸ ਦੇ ਨਾਂ 'ਤੇ ਇਕ ਪਾਰਕ ਦਾ ਨਾਂ 'ਸਿੰਘ ਹਰੀ' ਰੱਖਿਆ ਗਿਆ ਹੈ।
ਦੱਖਣੀ-ਪੱਛਮੀ ਕਿੰਗਸਲੈਂਡ ਦੀ ਕਮਿਊਨਿਟੀ ਵਿਚ 'ਸਿੰਘ ਹਰੀ' ਪਾਰਕ 400 ਏਕੜ ਦੀ ਜ਼ਮੀਨ 'ਤੇ ਫੈਲੀ ਹੋਈ ਹੈ।
ਹਰੀ ਸਿੰਘ ਨੇ ਬੁਰੇ ਤੋਂ ਬੁਰੇ ਦਿਨਾਂ ਦਾ ਸਾਹਣਾ ਕੀਤਾ ਪਰ 1956 ਤੱਕ ਉਹ ਕੈਲਗਰੀ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਸੀ। ਉਸ ਦੇ ਕੰਗਾਲ ਤੋਂ ਸ਼ਾਹ ਬਣਨ ਦੀ ਕਹਾਣੀ ਵਿਚ ਮਿਹਨਤ, ਸਿੱਦਕ, ਸਿੱਖੀ ਦੀਆਂ ਸਿੱਖਿਆਵਾਂ ਦਾ ਅਹਿਮ ਯੋਗਦਾਨ ਸੀ। ਕੁਝ ਲੋਕਾਂ ਨੇ ਉਸ ਨੂੰ ਸਫਲ ਹੋਣ ਲਈ ਪੱਗੜੀ ਉਤਾਰਨ ਦੀ ਸਲਾਹ ਵੀ ਦਿੱਤੀ ਪਰ ਉਹ ਨਾ ਮੰਨਿਆ।
23 ਸਾਲ ਦੀ ਉਮਰ ਵਿਚ ਹਰੀ ਸਿੰਘ ਦਾ ਪੰਜਾਬ ਵਿਚ ਵਿਆਹ ਹੋ ਗਿਆ ਸੀ ਅਤੇ ਉਸ ਦਾ ਇਕ ਬੇਟਾ ਵੀ ਸੀ। ਕੈਨੇਡਾ ਤੱਕ ਜਾਣ ਦੇ ਖਤਰੇ ਨੂੰ ਦੇਖਦੇ ਹੋਏ ਉਹ ਆਪਣੀ ਪਤੀ ਅਤੇ ਬੇਟੇ ਨੂੰ ਭਾਰਤ ਹੀ ਛੱਡ ਗਿਆ। 1919 ਵਿਚ ਉਸ ਦਾ ਬੇਟਾ ਵੀ ਕੈਨੇਡਾ ਆ ਗਿਆ ਪਰ ਉਸ ਦੀ ਪਤਨੀ ਨੇ ਉਸ ਦਾ 20 ਸਾਲਾਂ ਤੱਕ ਵਿਛੋੜਾ ਸਹਿਆ ਅਤੇ ਜਦੋਂ ਉਹ ਕੈਨੇਡਾ ਗਈ ਤਾਂ ਹਰੀ ਸਿੰਘ ਨੂੰ 'ਭਾਰਤੀ ਸਮਰਾਟ' ਦਾ ਖਿਤਾਬ ਮਿਲ ਚੁੱਕਾ ਸੀ। ਕੈਲਗਰੀ ਦੇ ਇਸ ਪਹਿਲੇ ਸਿੱਖ ਦਾ ਪਰਿਵਾਰ ਅਜੇ ਵੀ ਹਾਈ ਰਿਵਰ ਦੇ ਨੇੜੇ ਖੇਤੀ ਕਰ ਰਿਹਾ ਹੈ। ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਹਰੀ ਸਿੰਘ ਦੇ ਨਾਂ 'ਤੇ ਪਾਰਕ ਦਾ ਨਾਂ ਰੱਖਣਾ ਇਕ ਸੁਪਨੇ ਦੇ ਸੱਚ ਹੋਣ ਵਾਂਗ ਹੈ।
ਹਰੀ ਸਿੰਘ ਨੇ ਆਪਣੇ ਸੁਪਨਿਆਂ ਦਾ ਪਿੱਛਾ ਕੀਤਾ ਅਤੇ ਬਹੁਤ ਥੋੜ੍ਹੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਦੇ ਹਨ। ਉਸ ਨੇ ਕੈਲਗਰੀ ਵਿਚ ਵੀ ਖੇਤੀਬਾੜੀ ਨਾਲ ਆਪਣੇ ਮੋਹ ਨਾ ਛੱਡਿਆ ਅਤੇ ਪੰਜਾਬੀਆਂ ਨੂੰ, ਸਿੱਖਾਂ ਨੂੰ ਕੈਨੇਡਾ ਵਿਚ ਵੱਖਰੀ ਪਛਾਣ ਦਿਵਾ ਦਿੱਤੀ।
No comments:
Post a Comment