Thursday, September 25, 2014

...ਹੁਣ ਸੂਰਜ ਛੁਪਣ ਤੋਂ ਬਾਅਦ ਜ਼ਿਲੇ ਦੇ ਕਿਸੇ ਥਾਣੇ 'ਚ ਨਹੀਂ ਰਹੇਗੀ ਕੋਈ ਮਹਿਲਾ!

ਸੁਭਾਨਪੁਰ ਮਾਮਲੇ ਨੂੰ ਲੈ ਕੇ ਜਗ ਬਾਣੀ ਨਾਲ ਰੂਬਰੂ ਹੋਏ ਐੱਸ. ਐੱਸ. ਪੀ.ਕਪੂਰਥਲਾ, (ਭੂਸ਼ਣ)- ਥਾਣਾ ਸੁਭਾਨਪੁਰ 'ਚ 15 ਲੱਖ ਦੀ ਚੋਰੀ ਦੇ ਸਬੰਧ 'ਚ ਸ਼ਿਕਾਇਤਕਰਤਾ ਪੱਖ ਨਾਲ ਸਬੰਧਤ ਦੋ ਮਹਿਲਾਵਾਂ ਨੂੰ ਪੁੱਛਗਿੱਛ ਦੌਰਾਨ ਇਕ ਏ. ਐੱਸ. ਆਈ. ਵਲੋਂ ਕਰੰਟ ਲਗਾਉਣ ਸਬੰਧੀ ਆਈ ਸ਼ਿਕਾਇਤ ਤੇ ਉਕਤ ਮਹਿਲਾਵਾਂ ਨਾਲ ਕੁੱਟਮਾਰ ਕਰਨ ਦੇ ਘਟਨਾਕ੍ਰਮ ਨੂੰ ਲੈ ਕੇ ਜ਼ਿਲਾ ਪੁਲਸ ਨੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੇ ਜ਼ਿਲੇ ਦੇ ਪੁਲਸ ਤੰਤਰ ਨੂੰ ਸਖਤ ਹੁਕਮ ਜਾਰੀ ਕਰ ਦਿੱਤੇ ਹਨ। ਇਹ ਕਹਿਣਾ ਸੀ ਐੱਸ. ਐੱਸ. ਪੀ. ਧਨਪ੍ਰੀਤ ਕੌਰ ਦਾ। ਐੱਸ. ਐੱਸ. ਪੀ. ਸੁਭਾਨਪੁਰ ਮਾਮਲੇ ਨੂੰ ਲੈ ਕੇ ਪੁਲਸ ਵਲੋਂ ਮਹਿਲਾਵਾਂ ਨਾਲ ਜੁੜੇ ਮਾਮਲਿਆਂ ਸਬੰਧੀ ਤਿਆਰ ਕੀਤੀ ਗਈ ਰਣਨੀਤੀ ਨੂੰ ਲੈ ਕੇ ਜਗ ਬਾਣੀ ਨਾਲ ਵਿਸ਼ੇਸ਼ ਤੌਰ 'ਤੇ ਰੂਬਰੂ ਹੋ ਰਹੇ ਸਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾ ਸਾਡੇ ਸਮਾਜ 'ਚ ਇਕ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਸੁਭਾਨਪੁਰ ਮਾਮਲੇ 'ਤੇ ਸਖਤ ਐਕਸ਼ਨ ਲੈਂਦੇ ਹੋਏ ਸਾਰੇ 15 ਥਾਣਿਆਂ ਦੇ ਐੱਸ. ਐੱਚ. ਓ. ਅਤੇ ਜੀ. ਓ. ਨੂੰ ਲਿਖਤ ਹੁਕਮ ਜਾਰੀ ਕਰ ਦਿੱਤੇ ਹਨ, ਹੁਣ ਕਿਸੇ ਵੀ ਮਹਿਲਾ ਤੋਂ ਪੁੱਛਗਿੱਛ ਕਰਨ ਦਾ ਅਧਿਕਾਰ ਮਹਿਲਾ ਪੁਲਸ ਮੁਲਾਜ਼ਮਾਂ ਅਤੇ ਅਫਸਰਾਂ ਕੋਲ ਹੋਵੇਗਾ। ਉਥੇ ਹੀ ਕਿਸੇ ਗੰਭੀਰ ਮਾਮਲੇ 'ਚ ਬੁਲਾਈ ਗਈ ਮਹਿਲਾ ਨੂੰ ਥਾਣੇ ਵਿਚੋਂ ਸੂਰਜ ਛੁਪਣ ਤੋਂ ਪਹਿਲਾਂ ਘਰ ਭੇਜ ਦਿੱਤਾ ਜਾਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਹੱਕਾਂ ਦੀ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਦਿਸ਼ਾਂ-ਨਿਰਦੇਸ਼ਾਂ ਮੁਤਾਬਕ ਸੁਰੱਖਿਆ ਕੀਤੀ ਜਾਵੇਗੀ। ਉਨ੍ਹਾਂ ਕੁੱਝ ਪੁਲਸ ਅਫਸਰਾਂ ਦੀ ਥਰਡ ਡਿਗਰੀ ਇਸਤੇਮਾਲ ਕਰਨ ਦੀ ਆਦਤ ਸਬੰਧੀ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਬਿਨਾਂ ਵਜ੍ਹਾ ਕਿਸੇ ਗਰੀਬ ਵਿਅਕਤੀ ਨੂੰ ਤੰਗ ਕਰਨ ਸਬੰਧੀ ਆਈ ਕਿਸੇ ਵੀ ਸ਼ਿਕਾਇਤ 'ਤੇ ਸਬੰਧਤ ਪੁਲਸ ਅਫਸਰ ਤੇ ਮੁਲਾਜ਼ਮ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਜਿਹੜੇ ਥਾਣਿਆਂ 'ਚ ਮਹਿਲਾ ਪੁਲਸ ਮੁਲਾਜ਼ਮਾਂ ਦੀ ਘਾਟ ਹੈ ਉਥੇ ਪੂਰੀ ਗਿਣਤੀ 'ਚ ਮਹਿਲਾ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤਾਂ ਕਿ ਭਵਿੱਖ 'ਚ ਕੋਈ ਸਮੱਸਿਆ ਸਾਹਮਣੇ ਨਾ ਆਵੇ। ਉਨ੍ਹਾਂ ਕਿਹਾ ਕਿ ਸੁਭਾਨਪੁਰ ਮਾਮਲੇ ਨੂੰ ਲੈ ਕੇ ਡੀ. ਐੱਸ. ਪੀ. ਭੁਲੱਥ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਸ ਤੋਂ ਬਾਅਦ ਅਗਲੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ। ਐੱਸ. ਐੱਸ. ਪੀ. ਨੇ ਕਿਹਾ ਕਿ ਜੇਕਰ ਭਵਿੱਖ 'ਚ ਕਿਸੇ ਵੀ ਥਾਣੇ ਦੇ ਐੱਸ. ਐੱਚ. ਓ. ਜਾਂ ਕਿਸੇ ਵੀ ਪੁਲਸ ਅਫਸਰ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਧਾਰਾ 181 ਤਹਿਤ ਮਹਿਲਾਵਾਂ ਵਲੋਂ ਆ ਰਹੀਆਂ ਸਾਰੀਆਂ ਸ਼ਿਕਾਇਤਾਂ 'ਤੇ ਪੂਰੀ ਗੰਭੀਰਤਾ ਨਾਲ ਐਕਸ਼ਨ ਲੈਣ ਲਈ ਸਾਰੇ ਥਾਣਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।...ਹੁਣ ਸੂਰਜ ਛੁਪਣ ਤੋਂ ਬਾਅਦ ਜ਼ਿਲੇ ਦੇ ਕਿਸੇ ਥਾਣੇ 'ਚ ਨਹੀਂ ਰਹੇਗੀ ਕੋਈ ਮਹਿਲਾ!

No comments:

Post a Comment