ਬਗਦਾਦ—ਇਰਾਕ ਵਿਚ ਆਈ. ਐੱਸ. ਆਈ. ਐੱਸ. ਦੇ ਅੱਤਵਾਦੀਆਂ ਨੇ ਕਥਿਤ ਤੌਰ 'ਤੇ ਸੱਦਾਮ ਹੁਸੈਨ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਫਾਂਸੀ 'ਤੇ ਚੜ੍ਹਾ ਕੇ ਮਾਰ ਦਿੱਤਾ। ਇਰਾਕ ਦੇ ਇਸ ਸਾਬਕਾ ਤਾਨਾਸ਼ਾਹ ਸੱਦਾਮ ਦੇ ਕਿਸੇ ਸਮੇਂ ਬੇਹੱਦ ਕਰੀਬ ਰਹੇ ਇਬਰਾਹਿਮ ਅਲ ਦੌਰੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਹ ਦਾਅਵਾ ਕੀਤਾ ਹੈ। ਦੂਜੇ ਪਾਸੇ ਜੌਰਡਨ ਦੇ ਇਕ ਐੱਮ. ਪੀ. ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਇਸ ਦਾ ਦਾਅਵਾ ਕੀਤਾ ਹੈ। ਹਾਲਾਂਕਿ ਸਰਕਾਰ ਨੇ ਇਸ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਅਲ ਦੌਰੀ ਨੇ ਦੱਸਿਆ ਕਿ ਸੱਦਾਮ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਜੱਜ ਰਊਫ ਅਬਦੁਲ ਰਹਿਮਾਨ ਨੂੰ ਅਗਵਾ ਕੀਤਾ ਗਿਆ ਸੀ। ਦੌਰੀ 2003 ਵਿਚ ਇਰਾਕ 'ਤੇ ਅਮਰੀਕਾ ਦੇ ਹਮਲੇ ਤੱਕ ਅਮਰੀਕੀ ਕਮਾਂਡ ਕੌਂਸਲ ਦੇ ਡਿਪਟੀ ਚੇਅਰਮੈਨ ਸਨ। ਉਹ ਇਰਾਕ ਦੇ ਪਾਬੰਦੀਸ਼ੁਦਾ ਬਾਥ ਪਾਰਟੀ ਦੇ ਵੀ ਨੇਤਾ ਹਨ।
ਜੌਰਡਨ ਦੇ ਐੱਮ. ਪੀ. ਖਲੀਲ ਅਤੀਹ ਦੇ ਫੇਸਬੁੱਕ ਪੇਜ ਦਾ ਹਵਾਲਾ ਦਿੰਦੇ ਹੋਏ 'ਡੇਲੀ ਮੇਲ' ਤੇ ਕੁਝ ਹੋਰ ਨਿਊਜ਼ ਵੈੱਬਸਾਈਟਾਂ ਨੇ ਕਿਹਾ ਕਿ 16 ਜੂਨ ਨੂੰ ਜੱਜ ਰਹਿਮਾਨ ਨੂੰ ਅਗਵਾ ਕੀਤਾ ਗਿਆ ਅਤੇ 18 ਤਰੀਕ ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਰਹਿਮਾਨ ਇਕ ਕੁਰਦ ਸਨ। ਉਨ੍ਹਾਂ ਵੱਲੋਂ ਸੱਦਾਮ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਇਰਾਕ ਦੇ ਕੁਝ ਹਲਕਿਆਂ ਵਿਚ ਤਿੱਖੀ ਆਲੋਚਨਾ ਹੋਈ ਸੀ। ਰਹਿਮਾਨ ਨੇ ਸਾਲ 2006 ਵਿਚ ਸੱਦਾਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।
ਅੱਤਵਾਦੀ ਤੇਜ਼ੀ ਨਾਲ ਬਗਦਾਦ ਦੇ ਵੱਲ ਵੱਧ ਰਹੇ ਹਨ। ਸੋਮਵਾਰ ਨੂੰ ਬਗਦਾਦ ਦੇ ਦੱਖਣ ਵਿਚ ਅੱਤਵਾਦੀਆਂ ਨੇ ਬੱਸਾਂ ਦਾ ਕਾਫਿਲਾਂ ਰੋਕ ਕੇ 69 ਮੁਸਾਫਰਾਂ ਨੂੰ ਗੋਲੀ ਮਾਰ ਦਿੱਤੀ। ਅੱਤਵਾਦੀਆਂ ਵੱਲੋਂ 9 ਜੂਨ ਤੋਂ ਇਰਾਕ ਦੇ ਵੱਡੇ ਹਿੱਸੇ 'ਤੇ ਕਬਜ਼ੇ ਦੌਰਾਨ ਇਹ ਦੂਜਾ ਵੱਡਾ ਹਮਲਾ ਹੈ। ਇਸ ਉਨ੍ਹਾਂ ਨੇ ਸੋਮਵਾਰ ਨੂੰ ਤਾਲ ਅਫਾਰ ਦੇ ਹਵਾਈ ਅੱਡੇ 'ਤੇ ਵੀ ਕਬਜ਼ਾ ਕਰ ਲਿਆ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਚਿਤਾਵਨੀ ਦਿੱਤੀ ਹੈ ਕਿ ਇਰਾਕੀ ਅੱਤਵਾਦ ਬਗਦਾਦ ਵਿਚ ਵੀ ਫੈਲ ਸਕਦਾ ਹੈ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਸੋਮਵਾਰ ਨੂੰ ਬਗਦਾਦ ਪਹੁੰਚ ਗਏ ਹਨ। ਅਮਰੀਕਾ ਨੇ ਅਰਬ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਇਰਾਕ 'ਤੇ ਛੇਤੀ ਹੀ ਨਵੀਂ ਸਰਕਾਰ ਦੇ ਗਠਨ ਦਾ ਦਬਾਅ ਬਣਾਏ।
No comments:
Post a Comment